ਭਾਵੇਂ ਤੁਸੀਂ ਟਰੱਕਿੰਗ ਵਿੱਚ ਹੰਢੇ ਹੋਏ ਡਰਾਈਵਰ ਹੋ ਜਾਂ ਬਿਲਕੁਲ ਨਵੇਂ, ਕੋਈ ਵੀ “ਡਰਾਈਵਰ ਇਨਕ” ਦੇ ਘੁਟਾਲੇ ਦਾ ਸ਼ਿਕਾਰ ਹੋ ਸਕਦਾ ਹੈ। ਜੇ ਤੁਹਾਨੂੰ ਜ਼ਿਆਦਾ ਪੈਸੇ ਬਣਾਉਣ ਲਈ ਟਰੱਕਿੰਗ ਕੰਪਨੀ ਵਜੋਂ ਇਨਕਾਰਪੋਰੇਟ ਹੋਣ ਲਈ ਕਿਹਾ ਜਾਂਦਾ ਹੈ ਤਾਂ ਇਸ ਬਾਰੇ ਬਹੁਤ ਜਿ਼ਆਦਾ ਸਾਵਧਾਨੀ ਵਰਤੋ। ਜੇ ਤੁਸੀਂ ਟਰੱਕ ਲੀਜ਼ `ਤੇ ਨਹੀਂ ਲਿਆ ਜਾਂ ਤੁਸੀਂ ਆਪਣੇ ਟਰੱਕ ਦੇ ਮਾਲਕ ਨਹੀਂ ਹੋ ਤਾਂ ਬਹੁਤ ਜਿ਼ਆਦਾ ਸੰਭਾਵਨਾ ਹੈ ਕਿ ਤੁਸੀਂ “ਡਰਾਈਵਰ ਇਨਕ” ਦੇ ਘੁਟਾਲੇ ਵਿੱਚ ਫਸ ਰਹੇ ਹੋ।  

ਜੇ ਤੁਸੀਂ ਆਪਣੀ ਅਤੇ ਆਪਣੇ ਸਾਥੀ ਟਰੱਕ ਡਰਾਈਵਰਾਂ ਦੀ ਮਦਦ ਕਰਨਾ ਚਾਹੁੰਦੇ ਹੋ ਅਤੇ ਸੰਭਾਵੀ ਤੌਰ `ਤੇ ਹਜ਼ਾਰਾਂ ਡਾਲਰ ਬਚਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਪੜ੍ਹੋ। 

“ਡਰਾਈਵਰ ਇਨਕ” ਘੁਟਾਲਾ ਕੀ ਹੈ?

“ਡਰਾਈਵਰ ਇਨਕ” ਇਕ ਟੈਕਸ ਘੁਟਾਲਾ ਹੈ ਅਤੇ ਕਰਮਚਾੀਆਂ ਨੂੰ ਗਲਤ ਸ਼੍ਰੇਣੀ ਵਿੱਚ ਰੱਖਣ ਦਾ ਘੁਟਾਲਾ ਹੈ। ਆਮ ਤੌਰ `ਤੇ ਟਰੱਕ ਕੰਪਨੀ ਆਪਣੇ ਕਰਮਚਾਰੀਆਂ ਨੂੰ ਇਕ ਕਾਰਪੋਰੇਸ਼ਨ ਦੇ ਤੌਰ `ਤੇ ਰਜਿਸਟਰ ਹੋਣ ਲਈ ਕਹੇਗੀ। ਫਿਰ ਆਪਣੇ ਕਰਮਚਾਰੀਆਂ ਨੂੰ ਚੈੱਕ ਦੇਣ ਦੀ ਥਾਂ, ਟਰੱਕਿੰਗ ਕੰਪਨੀ ਆਪਣੇ ਕਰਮਚਾਰੀਆਂ ਦੀਆਂ ਕਾਰਪੋਰੇਸ਼ਨਾਂ ਨੂੰ ਚੈੱਕ ਦੇਵੇਗੀ। 

ਕਿਉਂਕਿ ਟਰੱਕਿੰਗ ਕੰਪਨੀ ਇਕ ਹੋਰ ਕਾਰਪੋਰੇਸ਼ਨ ਨੂੰ ਅਦਾਇਗੀ ਕਰ ਰਹੀ ਹੈ, ਉਹ ਤਨਖਾਹ ਦੀ ਇਕ ਨਾਰਮਲ ਚੈੱਕ ਨਹੀਂ ਦੇਵੇਗੀ, ਭਾਵ ਡਰਾਈਵਰਾਂ ਨੂੰ ਟੈਕਸ ਕਟੌਤੀਆਂ ਤੋਂ ਬਿਨਾਂ ਅਦਾਇਗੀ ਮਿਲੇਗੀ। ਕੰਪਨੀ ਨੂੰ ਸੋਸ਼ਲ ਪ੍ਰੋਗਰਾਮਾਂ ਜਾਂ ਵਰਕਰਜ਼ ਕੰਪਨਸੇਸ਼ਨ ਦੇ ਫੰਡਾਂ ਲਈ ਅਦਾਇਗੀ ਕਰਨ ਦੀ ਵੀ ਲੋੜ ਨਹੀਂ ਪੈਂਦੀ। ਅਤੇ ਕਿਉਂਕਿ ਹਰ ਕੋਈ ਬੱਚਤ ਕਰ ਰਿਹਾ ਹੈ, ਇਸ ਲਈ ਟਰੱਕਿੰਗ ਕੰਪਨੀ ਆਮ ਤੌਰ `ਤੇ ਕਲਾਇੰਟਾਂ ਨੂੰ ਘੱਟ ਰੇਟ ਪੇਸ਼ ਕਰ ਸਕਦੀ ਹੈ। 

ਜੇ ਇਹ ਗੱਲ ਮੰਨਣ ਨੂੰ ਔਖੀ ਲੱਗਦੀ ਤਾਂ ਤੁਸੀਂ ਸਹੀ ਹੋ ਕਿਉਂਕਿ ਇਹ ਮੰਨਣ ਵਾਲੀ ਗੱਲ ਨਹੀਂ ਹੈ। ਇਹ ਗੈਰ-ਕਾਨੂੰਨੀ ਹੈ ਅਤੇ ਤੁਹਾਨੂੰ ਇਸ ਦਾ ਨੁਕਸਾਨ ਹੋਵੇਗਾ।

“ਡਰਾਈਵਰ ਇਨਕ” ਘੁਟਾਲਾ ਡਰਾਈਵਰਾਂ ਦਾ ਨੁਕਸਾਨ ਕਿਵੇਂ ਕਰਦੀ ਹੈ?

“ਡਰਾਈਵਰ ਇਨਕ” ਦੇ ਪੀੜਤ ਕਾਫੀ ਘੱਟ ਸੁਰੱਖਿਆਵਾਂ ਅਤੇ ਹੱਕਾਂ ਨਾਲ ਕੰਮ ਕਰਦੇ ਹਨ। ਜੇ ਉਹਨਾਂ ਦੇ ਕੰਮ `ਤੇ ਸੱਟ ਲੱਗ ਜਾਵੇ ਤਾਂ ਉਹਨਾਂ ਕੋਲ ਸਰਕਾਰੀ ਕੰਪਨਸੇਸ਼ਨ ਨਹੀਂ ਹੁੰਦੀ। ਉਹ ਤਨਖਾਹ ਨਾਲ ਪੇਰੈਂਟਲ ਲੀਵ (ਮਾਪੇ ਬਣਨ ਦੀ ਛੁੱਟੀ) ਨਹੀਂ ਲੈ ਸਕਦੇ, ਉਹ ਇਮਪਲੌਏਮੈਂਟ ਇਨਸ਼ੋਰੈਂਸ ਦਾ ਫਾਇਦਾ ਨਹੀਂ ਲੈ ਸਕਦੇ ਅਤੇ ਇਹ ਗੱਲ ਤਕਰੀਬਨ ਤਕਰੀਬਨ ਪੱਕੀ ਹੈ ਕਿ ਰਿਟਾਇਰ ਹੋਣ ਬਾਅਦ ਉਹਨਾਂ ਨੂੰ ਸਰਕਾਰੀ ਪੈਨਸ਼ਨ ਨਹੀਂ ਮਿਲੇਗੀ।

ਇਸ ਦੇ ਨਾਲ ਹੀ, “ਡਰਾਈਵਰ ਇਨਕ” ਘੁਟਾਲੇ ਦੇ ਪੀੜਤ ਲੋਕਾਂ ਨੂੰ ਓਵਰਟਾਇਮ ਦੀ ਤਨਖਾਹ, ਤਨਖਾਹ ਸਮੇਤ ਬੀਮਾਰੀ ਦੀਆਂ ਛੁੱਟੀਆਂ, ਛੁੱਟੀਆਂ ਦੀ ਤਨਖਾਹ, ਸੈਵਰੈਂਸ ਪੇਅ ਅਤੇ ਤਨਖਾਹ ਸਮੇਤ ਮਿਲਣ ਵਾਲੀਆਂ ਦਸ ਸਰਕਾਰੀ ਛੁੱਟੀਆਂ ਲੈਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਗਰੁੱਪ ਹੈਲਥ ਅਤੇ ਡੈਂਟਲ ਇਨਸ਼ੋਰੈਂਸ ਪਲੈਨ ਦਾ ਹਿੱਸਾ ਬਣਨਾ ਵੀ ਔਖਾ ਹੁੰਦਾ ਹੈ। ਆਮ ਤੌਰ `ਤੇ ਇਹ ਹੱਕਦਾਰੀਆਂ ਕਰਮਚਾਰੀਆਂ ਲਈ ਰਾਖਵੀਂਆਂ ਹੁੰਦੀਆਂ ਹਨ- ਇਨਕਾਰਪੋਰੇਟਡ ਕੰਪਨੀਆਂ ਲਈ ਨਹੀਂ।

ਤੁਹਾਨੂੰ ਕੈਨੇਡਾ ਰੈਵਨਿਊ ਏਜੰਸੀ ਵਲੋਂ ਆਡਿਟ ਕੀਤੇ ਜਾਣ ਦਾ ਖਤਰਾ ਵੀ ਵੱਧ ਜਾਂਦਾ ਹੈ। ਆਪਣੇ ਆਪ ਨੂੰ ਨਾਰਮਲ ਕਾਰਪੋਰੇਸ਼ਨ ਸਮਝ ਕੇ “ਡਰਾਈਵਰ ਇਨਕ” ਘੁਟਾਲੇ ਦੇ ਪੀੜਤ ਲੋਕ ਸਮਾਲ ਬਿਜ਼ਨਿਸ ਨਾਲ ਸੰਬੰਧਿਤ ਕਈ ਤਰ੍ਹਾਂ ਦੀ ਕਟੌਤੀਆਂ ਕਰਨਗੇ, ਜਿਹਨਾਂ ਦੇ ਉਹ ਹੱਕਦਾਰ ਨਹੀਂ ਹੁੰਦੇ। ਸਰਕਾਰ ਤੁਹਾਨੂੰ ਪਿਛਲੇ ਕਈ ਸਾਲਾਂ ਤੋਂ ਸ਼ੁਰੂ ਕਰਕੇ ਹਰ ਚੀਜ਼ ਵਾਪਸ ਕਰਨ ਦਾ ਹੁਕਮ ਕਰ ਸਕਦੀ ਹੈ, ਜਿਸ ਨਾਲ ਤੁਹਾਨੂੰ ਹਜ਼ਾਰਾਂ ਡਾਲਰਾਂ ਦਾ ਖਰਚਾ ਪੈ ਸਕਦਾ ਹੈ।

ਅਖੀਰ ਵਿੱਚ ਘੁਟਾਲੇ ਵਿੱਚ ਸ਼ਾਮਲ ਕੰਪਨੀਆਂ ਨਾਲ ਕਾਰੋਬਾਰ ਕਰਨ ਦੇ ਕਈ ਆਪਣੇ ਖਤਰੇ ਹਨ। ਜੇ ਕੰਪਨੀ ਇਕ ਕਾਨੂੰਨ ਤੋੜਨ ਲਈ ਤਿਆਰ ਹੈ, ਤਾਂ ਉਹ ਹੋਰ ਕਾਨੂੰਨ ਤੋੜਨ ਲਈ ਵੀ ਤਿਆਰ ਹੋ ਸਕਦੀ ਹੈ। “ਡਰਾਈਵਰ ਇਨਕ” ਘੁਟਾਲੇ ਦੇ ਪੀੜਤ ਬਹੁਤੀ ਵਾਰ ਇਹ ਦਸਦੇ ਹਨ ਕਿ ਉਹਨਾਂ ਨੂੰ ਆਪਣੇ ਕੀਤੇ ਕੰਮ ਦੀ ਅਦਾਇਗੀ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ, ਉਹਨਾਂ ਨੂੰ ਖਤਰਨਾਕ ਹੱਦ ਤੱਕ ਲੰਮੇ ਘੰਟਿਆਂ ਲਈ ਗੱਡੀ ਚਲਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਅਣਸੁਰੱਖਿਅਤ ਗੱਡੀਆਂ ਚਲਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ।

ਸ਼ੱਕੀ ਅਤੇ ਬੇਈਮਾਨ ਕੰਪਨੀਆਂ ਨਾਲ ਆਪਣੀ ਜ਼ਿੰਮੇਵਾਰੀ `ਤੇ ਕੰਮ ਕਰੋ।

ਡਰਾਈਵਰ ਇਨਕ” ਘੁਟਾਲਾ ਦੂਜਿਆਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ?

ਡਰਾਈਵਰਾਂ ਨੂੰ ਇਨਕਾਰਪੋਰੇਟ ਕਰਨ ਲਈ ਰਾਜ਼ੀ ਕਰਨ ਲੈਣ ਵਾਲੇ ਕੰਮ-ਮਾਲਕ ਹਜ਼ਾਰਾਂ ਡਾਲਰਾਂ ਦੀ ਬੱਚਤ ਕਰਦੇ ਹਨ। ਉਹਨਾਂ ਨੂੰ ਸੋਸ਼ਲ ਪ੍ਰੋਗਰਾਮਾਂ ਲਈ ਅਦਾਇਗੀ ਕਰਨ ਜਾਂ ਡਰਾਈਵਰਾਂ ਨੂੰ ਕੋਈ ਸਹੂਲਤਾਂ ਦੇਣ ਦੀ ਲੋੜ ਨਹੀਂ ਪੈਂਦੀ। ਇਸ ਕਹਾਣੀ ਵਿੱਚ ਉਹ ਅਸਲੀ ਬੁਰੇ ਲੋਕ ਹਨ।

ਕਿਉਂਕਿ ਇਹ ਸ਼ੱਕੀ ਅਤੇ ਬੇਈਮਾਨ ਕੰਮ-ਮਾਲਕ ਸਰਕਾਰ ਅਤੇ ਆਪਣੇ ਡਰਾਈਵਰਾਂ ਦੇ ਸਿਰ `ਤੇ ਇੰਨੇ ਜ਼ਿਆਦਾ ਪੈਸੇ ਬਚਾ ਲੈਂਦੇ ਹਨ, ਉਹ ਆਪਣੇ ਗਾਹਕਾਂ ਨੂੰ ਘੱਟ ਰੇਟ ਦੇ ਸਕਦੇ ਹਨ। ਇਸ ਨਾਲ ਉਹਨਾਂ ਦਾ ਕੰਮ ਵੱਧਦਾ ਹੈ ਅਤੇ ਦੂਜੀਆਂ ਸਹੀ ਅਤੇ ਇੱਜ਼ਤਦਾਰ ਟਰੱਕਿੰਗ ਕੰਪਨੀਆਂ ਲਈ ਅਣਉਚਿਤ ਮੁਕਾਬਲਾ ਪੈਦਾ ਹੋ ਜਾਂਦਾ ਹੈ।

ਕਿਉਂਕਿ ਸਹੀ ਅਤੇ ਇੱਜ਼ਤਦਾਰ ਟਰੱਕਿੰਗ ਕੰਪਨੀਆਂ ਨੂੰ ਅਣਉਚਿਤ ਮੁਕਾਬਲੇ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਉਹਨਾਂ ਲਈ ਆਪਣੇ ਟਰੱਕ ਡਰਾਈਵਰਾਂ ਦੀਆਂ ਤਨਖਾਹਾਂ ਵਿੱਚ ਚੰਗਾ ਵਾਧਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ “ਡਰਾਈਵਰ ਇਨਕ” ਘੁਟਾਲਾ ਟਰੱਕਿੰਗ ਇੰਡਸਟਰੀ ਵਿੱਚ ਉਸ ਸਮੇਂ  ਤਨਖਾਹਾਂ ਦੇ ਵਾਧੇ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਿਸ ਸਮੇਂ ਰਹਿਣ ਦੇ ਖਰਚੇ ਅਸਮਾਨਾਂ ਨੂੰ ਛੋਹ ਰਹੇ ਹਨ।

ਅਖੀਰ ਵਿੱਚ, “ਡਰਾਈਵਰ ਇਨਕ” ਘੁਟਾਲੇ ਕਾਰਨ ਸਰਕਾਰਾਂ ਨੂੰ ਹਰ ਸਾਲ ਟੈਕਸ ਤੋਂ ਹੋਣ ਵਾਲੀ ਆਮਦਨ ਵਿੱਚ 1 ਬਿਲੀਅਨ ਡਾਲਰ ਦਾ ਘਾਟਾ ਪੈਂਦਾ ਹੈ, ਜਿਸ ਨਾਲ ਕੈਨੇਡਾ ਦੇ ਸਾਰੇ ਲੋਕਾਂ ਨੂੰ ਨੁਕਸਾਨ ਹੁੰਦਾ ਹੈ। 

ਓਨਰ ਉਪਰੇਟਰ ਹੋਣਾ “ਡਰਾਈਵਰ ਇਨਕ” ਦੇ ਘੁਟਾਲੇ ਤੋਂ ਕਿਵੇਂ ਵੱਖਰਾ ਹੈ?

ਓਨਰ ਉਪਰੇਟਰ ਟਰੱਕ ਡਰਾਈਵਰ ਹੋਣ ਅਤੇ “ਡਰਾਈਵਰ ਇਨਕ” ਘੁਟਾਲੇ ਵਿਚਕਾਰ ਅੰਤਾਂ ਦਾ ਫਰਕ ਹੈ।

“ਡਰਾਈਵਰ ਇਨਕ” ਵਿਚ ਕਰਮਚਾਰੀਆਂ ਨੂੰ ਗਲਤ ਸ਼੍ਰੇਣੀ `ਚ ਰੱਖ ਕੇ ਟੈਕਸ ਦੇਣ ਤੋਂ ਬਚਣਾ ਸ਼ਾਮਲ ਹੈ। ਕੰਮ-ਮਾਲਕ ਟਰੱਕ ਡਰਾਈਵਰਾਂ ਨੂੰ ਆਪਣੀ ਕੰਪਨੀ ਖੋਲ੍ਹਣ ਲਈ ਉਤਸ਼ਾਹਤ ਕਰ ਰਹੇ ਹਨ, ਪਰ ਡਰਾਈਵਰਾਂ ਨੂੰ ਉਸ ਨਾਲ ਸੰਬੰਧਿਤ ਅਜ਼ਾਦੀਆਂ ਜਾਂ ਜ਼ਿੰਮੇਵਾਰੀਆਂ ਦਾ ਫਾਇਦਾ ਨਹੀਂ ਹੁੰਦਾ।

ਆਜ਼ਾਦੀਆਂ ਦੇ ਸੰਬੰਧ ਵਿੱਚ, ਇਹਨਾਂ ਘੁਟਾਲਿਆਂ ਤੋਂ ਪੀੜਤ ਡਰਾਈਵਰ ਆਪਣੇ ਰੂਟ ਜਾਂ ਸਕੈਜੁਅਲ ਨਹੀਂ ਚੁਣ ਸਕਦੇ ਅਤੇ ਆਮ ਤੌਰ `ਤੇ ਉਹਨਾਂ ਕੋਲ ਆਮਦਨ ਦੇ ਇਕ ਤੋਂ ਵੱਧ ਸ੍ਰੋਤ ਨਹੀਂ ਹੁੰਦੇ। ਜ਼ਿੰਮੇਵਾਰੀਆਂ ਦੇ ਸੰਬੰਧ ਵਿੱਚ, ਉਹ ਆਪਣੇ ਟਰੱਕ ਲੀਜ਼ ਨਹੀਂ ਕਰਦੇ ਜਾਂ ਆਪਣੇ ਟਰੱਕਾਂ ਦੇ ਆਪ ਮਾਲਕ ਨਹੀਂ ਹੁੰਦੇ ਜਾਂ ਆਪਣੇ ਤੇਲ ਜਾਂ ਮੇਨਟੈਂਸ ਦਾ ਖਰਚਾ ਆਪ ਨਹੀਂ ਦਿੰਦੇ।    

ਜਦੋਂ ਕਿ “ਡਰਾਈਵਰ ਇਨਕ” ਘੁਟਾਲੇ ਦੇ ਪੀੜਤ ਕਾਗਜ਼ਾਂ ਵਿੱਚ ਇਕ ਕਾਰਪੋਰੇਸ਼ਨ ਹੁੰਦੇ ਹਨ, ਪਰ ਉਹਨਾਂ ਅਤੇ ਇਕ ਰੈਗੂਲਰ ਕਰਮਚਾਰੀ ਵਿੱਚ ਕੋਈ ਫਰਕ ਨਹੀਂ ਹੁੰਦਾ। ਫਿਰ ਵੀ, ਇਕ ਓਨਰ ਉਪਰੇਟਰ ਨੂੰ ਇਕ ਅਜ਼ਾਦ ਕਾਰੋਬਾਰ ਦੀ ਸ਼੍ਰੇਣੀ ਵਿੱਚ ਰੱਖਣਾ ਹਮੇਸ਼ਾਂ ਉਚਿਤ ਹੁੰਦਾ ਹੈ। 

ਬੇਸ਼ੱਕ ਓਨਰ ਉਪਰੇਟਰਾਂ ਕੋਲ ਆਮਦਨ ਦਾ ਇਕ ਮੁਢਲਾ ਸ੍ਰੋਤ ਹੁੰਦਾ ਹੈ, ਫਿਰ ਵੀ ਉਹਨਾਂ ਨੇ ਆਪਣਾ ਟਰੱਕ ਲੀਜ਼ `ਤੇ ਲਿਆ ਹੁੰਦਾ ਹੈ ਜਾਂ ਆਪਣੇ ਟਰੱਕ ਦੇ ਮਾਲਕ ਹੁੰਦੇ ਹਨ ਅਤੇ ਕੰਪਨੀ ਦੀ ਸਿੱਧੀ ਨਿਗਰਾਨੀ ਤੋਂ ਬਿਨਾਂ ਕੰਮ ਕਰਦੇ ਹਨ।   

ਪਰ ਸਾਵਧਾਨ ਰਹੋ! ਕਈ ਵਾਰੀ ਬੇਈਮਾਨ ਓਨਰ ਉਪਰੇਟਰ ਖੁਦ ਲੋਕਾਂ ਨੂੰ “ਡਰਾਈਵਰ ਇਨਕ” ਦੇ ਘੁਟਾਲੇ ਵਿੱਚ ਲਿਆਉਂਦੇ ਹਨ, ਖਾਸ ਕਰਕੇ ਜੇ ਉਹਨਾਂ ਕੋਲ ਕਈ ਟਰੱਕ ਹੋਣ ਅਤੇ ਉਹਨਾਂ ਨੂੰ ਡਰਾਈਵਰਾਂ ਦੀ ਲੋੜ ਹੋਵੇ।

“ਡਰਾਈਵਰ ਇਨਕ” ਬਾਰੇ ਕੀ ਕੀਤਾ ਜਾ ਸਕਦਾ ਹੈ?

“ਡਰਾਈਵਰ ਇਨਕ” ਤਾਂ ਹੀ ਸੰਭਵ ਹੈ ਕਿਉਂਕਿ ਫੈਡਰਲ ਸਰਕਾਰ ਨੇ ਇਸ ਸਮੱਸਿਆ ਵੱਲ ਕਈ ਸਾਲਾਂ ਤੋਂ ਕੋਈ ਧਿਆਨ ਨਹੀਂ ਦਿੱਤਾ।

ਟੀਮਸਟਰਜ਼ ਕੈਨੇਡਾ ਇਸ ਸਥਿਤੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਤੇ ਇਸ ਵਿੱਚ ਤਬਦੀਲੀ ਲਿਆਉਣ ਲਈ ਸਰਕਾਰ ਕੋਲ ਲੌਬੀ ਕਰਨ ਲਈ ਪ੍ਰਤੀਬੱਧ ਹੈ। ਔਟਵਾ ਨੂੰ ਇਕਦਮ ਉਹਨਾਂ ਕੰਪਨੀਆਂ  ਵਿਰੁੱਧ ਐਕਸ਼ਨ ਲੈਣ ਦੀ ਲੋੜ ਹੈ ਜੋ ਡਰਾਈਵਰਾਂ ਨੂੰ ਇਨਕਾਰਪੋਰੇਟ ਕਰਨ ਲਈ ਕਹਿੰਦੀਆਂ ਹਨ, ਤਾਂ ਜੋ ਟਰੱਕ ਡਰਾਈਵਰਾਂ ਦਾ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾਅ ਹੋਵੇ ਅਤੇ ਸਰਕਾਰ ਨੂੰ ਵੱਡੀ ਗਿਣਤੀ ਵਿੱਚ ਟੈਕਸਾਂ ਰਾਹੀਂ ਮਿਲਣ ਵਾਲੇ ਪੈਸੇ ਮਿਲ ਸਕਣ। 

ਇਸ ਮਸਲੇ ਨਾਲ ਨਿਪਟਣ ਲਈ ਸਾਡੀ ਯੂਨੀਅਨ ਕੰਮ-ਮਾਲਕਾਂ ਨਾਲ ਕੰਮ ਕਰ ਰਹੀ ਹੈ। ਬਹੁਤੀਆਂ ਸਹੀ ਅਤੇ ਇੱਜ਼ਤਦਾਰ ਟਰੱਕਿੰਗ ਕੰਪਨੀਆਂ ਉਹਨਾਂ ਕੰਪਨੀਆਂ ਕੋਲ ਕਾਰੋਬਾਰ ਗਵਾ ਰਹੀਆਂ ਹਨ ਜਿਹੜੀਆਂ ਕੰਪਨੀਆਂ “ਡਰਾਈਵਰ ਇਨਕ” ਘੁਟਾਲੇ ਵਿੱਚ ਸ਼ਾਮਲ ਹਨ।

ਜਿੰਨਾ ਚਿਰ ਤੱਕ ਸਰਕਾਰ ਜਾਗਦੀ ਨਹੀਂ ਅਤੇ ਇਸ ਮਸਲੇ ਬਾਰੇ ਐਕਸ਼ਨ ਨਹੀਂ ਲੈਣ ਲੱਗਦੀ, ਉਦੋਂ ਤੱਕ ਟਰੱਕ ਡਰਾਈਵਰ ਆਪਣਾ ਬਚਾਅ ਕਰਨ ਲਈ ਇਹ ਕੁੱਝ ਚੀਜ਼ਾਂ ਕਰ ਸਕਦੇ ਹਨ।

“ਡਰਾਈਵਰ ਇਨਕ” ਦੇ ਘੁਟਾਲੇ ਬਾਰੇ ਸਿੱਖਿਅਤ ਹੋਣਾ ਪਹਿਲਾ ਚੰਗਾ ਕਦਮ ਹੈ। ਅਸੀਂ ਤੁਹਾਨੂੰ ਇਹ ਆਰਟੀਕਲ ਦੂਸਰੇ ਲੋਕਾਂ ਨਾਲ ਸਾਂਝਾ ਕਰਨ ਲਈ ਅਤੇ ਇਸ ਘੁਟਾਲੇ ਬਾਰੇ ਹੋਰ ਪੜ੍ਹਨ ਲਈ ਉਤਸ਼ਾਹਿਤ ਕਰਦੇ ਹਾਂ। ਇਸ ਸਮੱਸਿਆ ਬਾਰੇ ਯੂ ਟਿਊਬ ਉੱਤੇ ਕਈ ਵੀਡੀਓ, ਪੌਡਕਾਸਟ ਅਤੇ ਹੋਰ ਆਰਟੀਕਲ ਮਿਲਦੇ ਹਨ।

“ਡਰਾਈਵਰ ਇਨਕ” ਵਰਗੇ ਘੁਟਾਲਿਆਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਟੀਮਸਟਰਜ਼ ਵਿੱਚ ਸ਼ਾਮਲ ਹੋਣਾ ਹੈ। ਟਰੱਕ ਡਰਾਈਵਰ ਵਜੋਂ, ਅਸੀਂ ਉਸ ਸਮੇਂ ਤਕੜੇ ਹੁੰਦੇ ਹਾਂ ਜਦੋਂ ਅਸੀਂ ਇਕ ਦੂਸਰੇ ਨਾਲ ਮਿਲ ਕੇ ਇਕੱਠੇ ਖੜ੍ਹਦੇ ਹਾਂ। 

ਹਰ ਰੋਜ਼ ਯੂਨੀਅਨ ਦੇ ਮੈਂਬਰ ਟਰੱਕ ਡਰਾਈਵਰ ਸਾਰਿਆਂ ਲਈ ਉਚਿਤ ਕੰਮ ਦੀਆਂ ਹਾਲਤਾਂ ਨੂੰ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਉਂਦੇ ਹਾਂ। ਉਹ ਅਜਿਹਾ ਉਚਿਤ ਤਨਖਾਹਾਂ ਲਈ ਗੱਲਬਾਤ ਕਰਕੇ, ਕੰਮ ਦੀਆਂ ਅਣਸੁਰੱਖਿਅਤ ਹਾਲਤਾਂ ਵਿਰੁੱਧ ਲੜਾਈ ਲੜ ਕੇ, ਸਾਡੇ ਦਰਪੇਸ਼ ਸਮੱਸਿਆਵਾਂ ਬਾਰੇ ਜਾਗਰੂਕਤਾ ਫੈਲਾ ਕੇ ਜਾਂ ਚੰਗੀਆਂ ਨੀਤੀਆਂ ਬਣਾਉਣ ਲਈ ਸਰਕਾਰ `ਤੇ ਜ਼ੋਰ ਪਾ ਕੇ ਕਰਦੇ ਹਨ।

ਜੇ ਤੁਸੀਂ ਸਾਡੀ ਲਹਿਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਟੀਮਸਟਰ ਦੇ ਕਿਸੇ ਸਥਾਨਕ ਆਰਗੇਨਾਈਜ਼ਰ ਨਾਲ ਸੰਪਰਕ ਕਰਨ ਲਈ ਇਹ ਫਾਰਮ ਭਰੋ।